ਮੋਗਾ : ਜਿਲ੍ਹਾ ਵਧੀਕ ਸ਼ੈਸ਼ਨ ਜੱਜ ਮੈਡਮ ਸੋਨੀਆ ਕਿਨਰਾ ਦੀ ਅਦਾਲਤ ਨੇ ਕ੍ਰੀਬ 5 ਸਾਲ ਪਹਿਲਾਂ ਖੇਤ ਵਿੱਚ ਲੱਗੀ ਪਾਣੀ ਵਾਲੀ ਮੋਟਰ ਦੇ ਕੁਨੈਕਸ਼ਨ ਦੇ ਨਾਂਅ ਤਬਦੀਲੀ ਕਰਵਾਉਣ ਦੇ ਮਾਮਲੇ 'ਚ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਸਬੂਤਾਂ ਤੇ ਗਵਾਹਾਂ ਦ ਆਧਾਰ 'ਤੇ ਬਿਜਲੀ ਬੋਰਡ ਦੇ ਐਸ.ਡੀ.ਓ. ਤੇ ਉਸ ਦੇ ਪ੍ਰਾਈਵੇਟ ਡਰਾਈਵਰ ਨੂੰ ਦੋਸ਼ ਸਾਬਤ ਹੋਣ 'ਤੇ 4-4 ਸਾਲ ਕੈਦ ਤੇ 10-10 ਹਜਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਜਾਰੀ ਕੀਤੇ ਹਨ। ਜਾਣਕਾਰੀ ਮੁਤਾਬਕ ਸੁਬੇਗ ਸਿੰਘ ਵਾਸੀ ਪਿੰਡ ਅੰਮੀਵਾਲਾ ਨੇ 15 ਦਸੰਬਰ 2014 ਨੂੰ ਵਿਜੀਲੈਂਸ ਬਿਊਰੋ ਵਿਭਾਗ ਫਿਰੋਜਪੁਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੇ ਪਿੰਡ ਦੇ ਹੀ ਨਿਰਮਲ ਸਿੰਘ ਵੱਲੋਂ ਕਰੀਬ 45 ਸਾਲ ਪਹਿਲਾਂ ਉਸਦੇ ਪਿਤਾ ਦਰਸ਼ਨ ਸਿੰਘ ਨੇ ਮੋਟਰ ਕਨੈਕਸ਼ਨ ਲਿਹਾਜ ਦੇ ਤੌਰ 'ਤੇ ਦਿੱਤਾ ਸੀ ਤੇ ਕੁੱਝ ਸਮੇਂ ਬਾਅਦ ਉਸ ਦੇ ਪਿਤਾ ਦਰਸ਼ਨ ਸਿੰਘ ਦੀ ਮੌਤ ਹੋ ਗਈ ਤੇ ਉਕਤ ਜਮੀਨ ਉਸ ਦੇ ਭਰਾ ਬਲਦੇਵ ਸਿੰਘ ਦੀ ਸਾਂਝੀ ਜਮੀਨ ਸੀ ਪ੍ਰੰਤੂ ਉਸਦੇ ਭਰਾ ਵੱਲੋਂ ਫਰਜੀ ਦਸਤਾਵੇਜਾਂ ਦੇ ਆਧਾਰ 'ਤੇ ਇਹ ਮੋਟਰ ਕਨੈਕਸ਼ਨ ਆਪਣੇ ਨਾਮ ਕਰਵਾ ਲਿਆ ਸੀ ਜਿਸ ਦਾ ਪਤਾ ਲੱਗਣ 'ਤੇ ਉਸ ਵੱਲੋਂ ਨਿਰਮਲ ਸਿੰਘ ਨੂੰ ਨਾਲ ਲੈ ਕੇ ਲੋੜੀਦੇ ਦਸਤਾਵੇਜ ਪੂਰੇ ਕਰਕੇ ਮੋਟਰ ਕਨੈਕਸ਼ਨ ਨੂੰ ਆਪਣੇ ਨਾਮ ਕਰਵਾਉਣ ਲਈ ਐਸ.ਡੀ.ਓ.ਪਾਵਰ ਕਾਮ ਧਰਮਕੋਟ ਸੁਰਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੇ ਇਸ ਕੰਮ ਲਈ 50 ਹਜਾਰ ਰੁਪਏ ਬਤੌਰ ਰਿਸ਼ਵਤ ਮੰਗ ਕੀਤੀ ਸੀ। ਜਿਸ 'ਤੇ 10 ਹਜਾਰ ਰੁਪਏ ਮੌਕੇ 'ਤੇ ਦੇਣ ਉਪਰੰਤ 20 ਹਜਾਰ ਰੁਪਏ ਬਾਅਦ ਵਿੱਚ ਦੇਣੇ ਮੁਕੱਰਰ ਕੀਤੇ ਗਏ ਸਨ ਪਰ ਪੀੜਤ ਨੇ ਇਸ ਮਾਮਲੇ 'ਚ ਇਨਸਾਫ਼ ਲੈਣ ਲਈ ਵਿਜੀਲੈਂਸ ਵਿਭਾਗ ਨਾਲ ਸੰਪਰਕ ਕੀਤਾ ਤਾਂ ਵਿਜੀਲੈਂਸ ਵਿਭਾਗ ਨੇ ਐਸ.ਡੀ.ਓ. ਸੁਰਿੰਦਰ ਸਿੰਘ ਤੇ ਪ੍ਰਾਈਵੇਟ ਡਰਾਈਵਰ ਨੂੰ ਰੰਗੇ ਹੱਥੀ ਰਿਸ਼ਵਤ ਲੈਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ 'ਚ ਸਬੂਤਾ ਤੇ ਗਵਾਹਾਂ ਦੇ ਆਧਾਰ 'ਤੇ ਜਿਲ੍ਹਾ ਵਧੀਕ ਸ਼ੈਸ਼ਨ ਜੱਜ ਮੈਡਮ ਸੋਨੀਆ ਕਿਨਰਾ ਦੀ ਅਦਾਲਤ ਨੇ ਉਕਤ ਦੋਨਾਂ ਦੋਸ਼ੀਆਂ ਨੂੰ 4-4 ਸਾਲ ਕੈਦ ਤੇ 10-10 ਹਜਾਰ ਰੁਪਏ ਜੁਰਮਾਨਾਂ ਭਰਨ ਦਾ ਹੁਕਮ ਸੁਣਾਇਆ ਹੈ।